Wednesday, April 20, 2011

ਇੱਕ ਉਮੀਦ..ਇੱਕ ਵਿਸ਼ਵਾਸ

ਅੱਜ ਵੀ ਓਸ ਕੁੜੀ ਨੂੰ ਵੇਖਦੀ ਹਾਂ..
ਤਾਂ ਸੋਚਦੀ ਹਾਂ..
ਕਿ ਕੀ ਇਹ ਓਹੀ ਕੁੜੀ ਹੈ ??
ਜਿਹਦੀ ਜ਼ਿੰਦਗੀ ਪੱਥਰ ਬਣ ਗਈ ਸੀ..
ਜੋ ਹੱਸਣਾ ਭੁੱਲ ਗਈ ਸੀ
ਇਹ ਓਹੀ ਕੁੜੀ ਹੈ ??
ਜੋ ਖੁਸ਼ੀਆਂ-ਖੇੜਿਆਂ ਦਾ ਮਤਲਬ ਭੁੱਲ ਗਈ ਸੀ..

ਬੜੀ ਚੋਟ ਲੱਗੀ ਸੀ ਦਿਲ ਨੂੰ ਓਸ ਦਿਨ..
ਜਦ ਜ਼ਿੰਦਗੀ ਨੇ ਇਹਨੂੰ ਠੋਕਰ ਮਾਰੀ ਸੀ..
ਬਹੁਤ ਰੋਈ ਸੀ ਓਸ ਦਿਨ..
ਕੁਰਲਾਈ ਸੀ..
ਮਦਦ ਲਈ ਬਹੁਤ ਗੁਹਾਰ ਲਗਾਈ ਸੀ..
ਡਿੱਗਦੀ-ਢਹਿੰਦੀ ਓਹ 'ਰੱਬ' ਦੇ ਦੁਆਰ 'ਤੇ ਜਾ ਖੜੀ ਹੋਈ..
ਬਹੁਤ ਸਵਾਲ ਕੀਤੇ ਸੀ ਓਸ ਦਿਨ
ਕਿ ਰੱਬਾ! ਏਦਾਂ ਕਿਓਂ ਕੀਤਾ?
ਮੇਰੇ ਨਾਲ ਹੀ ਕਿਓਂ ??
ਓਸ ਦਿਨ ਓਹਦਾ ਵਿਸ਼ਵਾਸ ਜਿਹਾ ਉੱਠ ਗਿਆ ਸੀ 'ਪਰਮਾਤਮਾ' 'ਤੋਂ
ਪਰ..
ਮਨ ਵਿੱਚ ਇੱਕ ਆਸ ਸੀ..
ਇੱਕ ਉਮੀਦ ਸੀ..
ਕਿ ਓਹ ਉੱਠ ਖੜੀ ਹੋਵੇਗੀ ਇੱਕ ਦਿਨ..
ਇਹ ਜੋ ਜ਼ਿੰਦਗੀ ਓਹਨੂੰ ਮਿਲੀ ਹੈ..
ਓਹਦਾ ਸਾਹਮਨਾ ਕਰਨ ਲਈ

ਤੇ ਓਹ ਇੱਕ ਦਿਨ ਉੱਠੀ..
ਓਸੇ ਉਮੀਦ 'ਤੇ..
ਤੇ ਨਾਲ ਇੱਕ ਹੋਰ ਉਮੀਦ..
ਕਿ ਓਹਦੇ 'ਆਪਣੇ' ਓਹਦਾ ਸਾਥ ਦੇਣਗੇ..
ਪਰ ਨਹੀਂ..
ਇੱਕ ਵਰਾਂ ਫੇਰ ਠੋਕਰ ਵੱਜੀ..
( ਆਪਣਿਆਂ ਦਾ ਸਾਥ ਨਾ ਮਿਲਿਆ..
ਫੇਰ ਮੁੰਡੇ ਤੇ ਕੁੜੀ ਵਿੱਚ ਵਿਤਕਰਾ ਹੋਇਆ..
... ਇਹ ਸਮਾਜ ਸਮਝਣਾ ਨਹੀਂ ਚਾਹੁੰਦਾ..
ਜਾਂ ਫਿਰ ਓਸ ਕੁੜੀ ਨੇ ਜ਼ਿਆਦਾ ਉਮੀਦ ਕਰ ਲਈ ਸੀ ?? )

ਖ਼ੈਰ! ਜਜ਼ਬਾ ਸੀ ਮਨ ਅੰਦਰ..
ਉੱਠ ਖੜੇ ਹੋਣ ਦਾ..
ਸਿਰਫ਼ ਜ਼ਿੰਦਗੀ ਦਾ ਹੀ ਨਹੀਂ..
ਆਪਣਿਆਂ ਨੇ ਜੋ ਦੁੱਖ ਦਿੱਤਾ..
ਓਹਦਾ ਵੀ ਸਾਹਮਣਾ ਕਰਨ ਦਾ

ਤੇ ਅੱਜ ਓਹ ਆਪਣੀ ਮੰਜ਼ਿਲ ਵੱਲ ਵੱਧ ਚੁਕੀ ਹੈ..
ਤੇ ਸਾਥ ਵੀ ਮਿਲਿਆ..
ਓਸੇ 'ਰੱਬ' ਦਾ..
ਜਿਸ 'ਤੋਂ ਵਿਸ਼ਵਾਸ ਉੱਠ ਗਿਆ ਸੀ..
ਓਸੇ 'ਰੱਬ' ਨੇ ਫਰਿਸ਼ਤੇ ਭੇਜੇ ਓਹਦੀ ਮਦਦ ਲਈ..
'ਦੋਸਤ' ਦੇ ਰੂਪ ਵਿੱਚ.. 'ਗੁਰੂ' ਦੇ ਰੂਪ ਵਿੱਚ..
ਤੇ ਅੱਜ ਓਹ ਚੱਲ ਪਈ ਹੈ...

ਇਹ ਓਹੀ ਕੁੜੀ..
ਜੋ ਜ਼ਿੰਦਗੀ ਦੇ ਮਾਇਨੇ ਭੁੱਲ ਗਈ ਸੀ..
ਤੇ ਅੱਜ..
ਸਾਰਿਆਂ ਨੂੰ ਜਿਉਣ ਦਾ ਰਾਹ ਦਿਖਾ ਰਹੀ ਹੈ...
ਅੱਜ ਵੀ ਸੋਚਦੀ ਹਾਂ..
ਕਿ ਕੀ ਇਹ ਓਹੀ ਕੁੜੀ ਹੈ ??
..ਅੱਜ ਵੀ ਇੱਕ ਉਮੀਦ 'ਤੇ ਚੱਲ ਰਹੀ ਹੈ..
ਤੇ ਹੁਣ..
ਮੈਨੂੰ ਵੀ ਵਿਸ਼ਵਾਸ ਹੈ ਇਹਦੀ ਉਮੀਦ ਤੇ..
ਕਿ ਇਹ ਜ਼ਰੂਰ ਪਹੁੰਚੇਗੀ..
ਆਪਣੀ ਮੰਜ਼ਿਲ 'ਤੇ..
ਜ਼ਰੂਰ ਦੇਖੇਗੀ ਓਹ ਦੁਨੀਆ..
ਜਿਸਦੇ ਏਹਨੇ ਸੁਪਨੇ ਘੜੇ ਹੋਏ ਨੇ..
ਕਿਓਂਕਿ ਓਹ ਚੱਲ ਰਹੀ ਹੈ..
ਆਪਣੇ ਮੁਰਸ਼ਦ ਦੇ ਰਾਹ 'ਤੇ..
ਤੇ ਇੱਕ ਉਮੀਦ 'ਤੇ.. ਇੱਕ ਵਿਸ਼ਵਾਸ 'ਤੇ..!!