Tuesday, November 27, 2012

ਕੁਝ ਸਵਾਲ



ਕਿੰਝ ਕੇਰ ਦੇਵਾਂ ਆਪਣੀਆ ਸੱਧਰਾਂ ਦੇ ਫੁੱਲ ?!
ਇਹ ਜਾਣਦੇ ਹੋਏ.
ਕਿ ਇਹ ਪੱਤਝੜ ਜੇ ਗਈ ਤਾਂ ਸਦੀਵ ਰਹਿਣੀ
ਇਹ ਜਾਣਦੇ ਹੋਏ..
ਕਿ ਇਸ ਪੱਤਝੜ ਤੋਂ ਬਾਅਦ ਮੁੜ ਕਦੀ ਬਹਾਰ ਨਹੀਂ ਸਕਦੀ

ਕਿੰਝ ਲਾ' ਦੇਵਾਂ ਇਹਨਾਂ ਬਾਹਵਾਂ ਤੋਂ ਚੂੜਾ ?!
ਇਹ ਜਾਣਦੇ ਹੋਏ..
ਕਿ ਇਹ ਸੱਖਣਾਪਨ ਜੇ ਗਿਆ ਤਾਂ ਸਦੀਵ ਰਹਿਣਾ
ਇਹ ਜਾਣਦੇ ਹੋਏ..
ਕਿ  ਸੱਖਣੀ ਹੋਣ ਤੋਂ ਬਾਅਦ ਮੁੜ ਕਦੇ ਕਿਸੇ ਨੇ ਇਹ ਬਾਂਹ ਨਹੀਂ ਫੜਨੀ

ਕਿੰਝ ਕਿਸੇ ਹੋਰ ਦੇ ਹਿੱਸੇ ਕਰ ਦੇਵਾਂ ਇਹ ਖੁਸ਼ੀਆਂ ?!
ਇਹ ਜਾਣਦੇ ਹੋਏ..
ਕਿ ਇਹ ਉਦਾਸੀ ਜੇ ਗਈ ਤਾਂ ਸਦੀਵ ਰਹਿਣੀ
ਇਹ ਜਾਣਦੇ ਹੋਏ..
ਕਿ ਉਦਾਸੀ ਆਉਣ ਤੋਂ ਬਾਅਦ ਮੁੜ ਏਥੇ ਕਿਸੇ ਨਹੀਂ ਚਹਿਕਣਾ

ਕਿੰਝ ਪੁੱਟ ਦੇਵਾਂ ਇਹ ਅਮਲਤਾਸ ਦੇ ਦਰੱਖ਼ਤ ?!
ਇਹ ਜਾਣਦੇ ਹੋਏ..
ਕੀ ਉਜਾੜ ਜੇ ਪੈ ਗਈ ਤਾਂ ਸਦੀਵ ਰਹਿਣੀ
ਇਹ ਜਾਣਦੇ ਹੋਏ..
ਕਿ ਇਸ ਉਜਾੜ ਤੋਂ ਬਾਅਦ ਮੁੜ  ਕਦੀ ਕਿਸੇ ਕਲੀ ਨੇ ਨਹੀਂ ਫੁੱਟਣਾ

ਕਿੰਝ ਬਦਲ ਦੇਵਾਂ ਇਹਨਾਂ ਪਾਣੀਆਂ ਦਾ ਵਹਾ' ?!
ਇਹ ਜਾਣਦੇ ਹੋਏ..
ਕਿ ਸੋਕਾ ਜੇ ਪੈ ਗਿਆ ਤਾਂ ਸਦੀਵ ਰਹਿਣਾ
ਇਹ ਜਾਣਦੇ ਹੋਏ..
ਕਿ ਇਸ ਸੋਕੇ ਤੋਂ ਬਾਅਦ ਮੁੜ ਇੱਕ ਪਾਣੀ ਦਾ ਕਤਰਾ ਵੀ ਨਹੀਂ ਆਉਣਾ

ਕਿੰਝ ਓਹਲੇ ਹੋਣ ਦੇਵਾਂ ਇਸ ਸੂਰਜ ਦੀ ਰੌਸ਼ਨੀ ?!
ਇਹ ਜਾਣਦੇ ਹੋਏ..
ਕਿ ਹਨੇਰਾ ਜੇ ਗਿਆ ਤਾਂ ਸਦੀਵ ਰਹਿਣਾ
ਇਹ ਜਾਣਦੇ ਹੋਏ..
ਕਿ ਇਸ ਹਨੇਰੇ ਤੋਂ ਬਾਅਦ ਮੁੜ ਏਥੇ ਕੋਈ 'ਕਿਰਨ' ਨਹੀਂ ਦਿਖਣੀ

ਕਿੰਝ ਕਿਸੇ ਹੋਰ ਦੇ ਨਾਵੇਂ ਕਰ ਦੇਵਾਂ ਇਹ ਕਵਿਤਾ ?!
ਇਹ ਜਾਣਦੇ ਹੋਏ..
ਕਿ ਗੁੰਮਨਾਮ ਜੇ ਹੋ ਗਈ ਤਾਂ ਸਦੀਵ ਏਦਾਂ ਹੀ ਰਹਿਣੀ
ਇਹ ਜਾਣਦੇ ਹੋਏ..

ਕਿ ਗੁੰਮਨਾਮ ਹੋਣ ਤੋਂ ਬਾਅਦ ਮੁੜ ਕਿਸੇ ਨੇ ਕਲਮ ਚੁੱਕਣ ਨਹੀਂ ਦੇਣੀ