Thursday, April 3, 2014

ਇਕੱਲਿਆਂ ਮੈਂ ਆਪਣੀ ਇਸ ਜਾਨ ਦਾ ਕੀ ਕਰਨਾ

ਇਕੱਲਿਆਂ ਮੈਂ ਆਪਣੀ ਇਸ ਜਾਨ ਦਾ ਕੀ ਕਰਨਾ
ਬਾਝ ਤੇਰੇ ਸੋਹਣਿਆ ਇਸ ਜਹਾਨ ਦਾ ਕੀ ਕਰਨਾ

ਤੇਰੀ ਨਜ਼ਰ 'ਚ ਜੇ ਕਦੇ ਉੱਠ ਹੀ ਨਾ ਪਾਈ
ਫ਼ੇਰ ਮੈਂ ਇਹ ਝੂਠੀ ਸ਼ਾਨ ਦਾ ਕੀ ਕਰਨਾ

ਪਿਆਰ ਵਾਲਾ ਗਹਿਣਾ ਜੇ ਸੰਭਾਲ ਹੀ ਨਾ ਹੋਇਆ
ਹੋਰ ਬੇਸ਼-ਕੀਮਤੀ ਸਮਾਨ ਦਾ ਕੀ ਕਰਨਾ

ਤੇਰੀ ਖ਼ੁਸ਼ੀ ਲਈ ਜੇ ਕੁਝ ਕਰ ਹੀ ਨਾ ਸਕੀ
ਬਾਹਰ ਕੀਤੇ ਪੁੰਨ ਤੇ ਦਾਨ ਦਾ ਕੀ ਕਰਨਾ

ਪਿਅਾਰ ਦਾ ਇਜ਼ਹਾਰ ਜੇ ਕਦੇ ਹੋ ਹੀ ਹਾ ਸਕਿਆ
ਅਜਿਹੀ ਸੱਚੀ-ਸੁੱਚੀ ਜ਼ੁਬਾਨ ਦਾ ਕੀ ਕਰਨਾ
__________________________

ਜ਼ਿੰਦਗੀ ਦੇ ਮਾਇਨੇ ਸਮਝਾ ਹੀ ਨਾ ਪਾਵੇ
ਅਜਿਹੇ ਪੂਰੇ ਕੀਤੇ ਇਮਤਿਹਾਨ ਦਾ ਕੀ ਕਰਨਾ

ਭਲਾ ਕਿਸੇ ਦਾ ਜੋ ਕਰ ਹੀ ਨਾ ਪਾਵੇ
ਅਜਿਹੀ ਸੋਚ ਤੇ ਅਰਮਾਨ ਦਾ ਕੀ ਕਰਨਾ

ਗ਼ਰੀਬਾਂ ਦਾ ਪੱਜ ਤੇ ਅਮੀਰਾਂ ਦਾ ਰੱਜ
ਅਜਿਹੇ ਕੀਤੇ ਹੋਏ ਦਾਨ ਦਾ ਕੀ ਕਰਨਾ

ਪਿੱਠ ਪਿੱਛੇ ਜੇ ਲੋਕ ਕਰਨ ਵਾਰ ਬਾਰ-ਬਾਰ
ਅਜਿਹੇ ਮਾਨ ਤੇ ਸਨਮਾਨ ਦਾ ਕੀ ਕਰਨਾ

ਕੰਮ ਅਾਉਣ ਦੀ ਬਜਾਏ ਜੋ ਨੁਕਸਾਨ ਕਰਾ ਬੈਠੇ
ਅਜਿਹੇ ਕੀਮਤੀ ਸਮਾਨ ਦਾ ਕੀ ਕਰਨਾ

ਤੀਰ ਜੀਹਦੇ ਤੋਂ ਛੱਡ ਹੀ ਨਾ ਹੋਵੇ
ਅਜਿਹੇ ਯੋਧਿਆ ਤੂੰ ਕਮਾਨ ਦਾ ਕੀ ਕਰਨਾ

ਚੰਦ ਪੈਸਿਆਂ ਦੀ ਖ਼ਾਤਰ ਜੋ ਗ਼ੱਦਾਰ ਬਣ ਜਾਵੇ
ਅਜਿਹੇ ਰਾਖ਼ੀ ਬੈਠੇ ਜਵਾਨ ਦਾ ਕੀ ਕਰਨਾ

ਮਿੱਠੇ ਬੋਲ ਜੋ ਕਦੇ ਬੋਲ ਹੀ ਨਾ ਪਾਵੇ
ਕਿਰਨ, ਅਜਿਹੀ ਤੂੰ ਜ਼ੁਬਾਨ ਦਾ ਕੀ ਕਰਨਾ