Friday, December 12, 2014

ਗੱਲ ਇਹ ਨਹੀਂ ਕਿ ਤੇਰੀ ਯਾਦ ਨਹੀਂ ਅਾਉਂਦੀ

ਗੱਲ ਇਹ ਨਹੀਂ ਕਿ ਤੇਰੀ ਯਾਦ ਨਹੀਂ ਅਾਉਂਦੀ
ਜਾਂ ਤੇਰੇ ਲਈ ਮੰਗਣੀ ਫ਼ਰਿਯਾਦ ਨਹੀਂ ਆਉਂਦੀ
ਸਾਹਵੇਂ ਤੇਰੇ ਕੁਝ ਕਹਿ ਨਹੀਂ ਹੁੰਦਾ
ਬਿਣ ਤੇਰੇ ਸਾਥੋਂ ਰਹਿ ਨਹੀਂ ਹੁੰਦਾ
ਵੇ! ਇਸ਼ਕ ਤੇਰੇ ਨਾਲ ਲਾ ਕੇ ਸੱਜਣਾ
ਤੈਨੂੰ ਦਿਲ ਦੇ ਵਿੱਚ ਵਸਾ ਕੇ ਸੱਜਣਾ
ਇਸ ਰਮਜ਼ ਦੀ ਦੱਸਣੀ ਹੁਣ ਜ਼ਾਤ ਨਹੀਂ ਆਉਂਦੀ
ਵੇ! ਸਾਨੂੰ ਦਿਲ ਵਾਲੀ ਕਹਿਣੀ ਬਾਤ ਨਹੀਂ ਆਉਂਦੀ 
ਗੱਲ ਇਹ ਨਹੀਂ ਕਿ ਤੇਰੀ ਯਾਦ ਨਹੀਂ ਅਾਉਂਦੀ..

Tuesday, December 9, 2014

ਅੱਜ ਕੁਦਰਤ ਨਾਲ ਗੱਲਾਂ ਕਰ ਲੈਣ ਦੇ

ਅੱਜ ਕੁਦਰਤ ਨਾਲ ਗੱਲਾਂ ਕਰ ਲੈਣ ਦੇ
ਅੱਜ ਜੀ' ਕੇ ਥੋੜਾ ਮਰ ਲੈਣ ਦੇ
ਕਹਿੰਦੇ ਜਿੱਤ ਜਾਵੇ ਜੋ ਹਾਰ ਜਾਂਦਾ ਏ
ਦਿਲ ਮੇਰਾ ਵੀ ਅੱਜ ਹਰ ਲੈਣ ਦੇ

ਸੁਣਿਐ ਇਸ਼ਕ 'ਚ ਨੱਚਣਾ ਪੈਂਦੈ
ਦੁਨੀਆ ਤੋਂ ਵੀ ਬਚਣਾ ਪੈਂਦੈ
ਮੈਨੂੰ ਵੀ ਯਾਰ ਮਨਾਵਣ ਲਈ
ਥੋੜਾ ਜਿਹਾ ਤਾਂ ਜੱਚ ਲੈਣ ਦੇ
ਅੱਜ ਕੁਦਰਤ ਨਾਲ ਗੱਲਾਂ ਕਰ ਲੈਣ ਦੇ..

ਕਹਿੰਦੇ ਰੱਬ ਭੁਲਾਉਣਾ ਪੈਂਦੈ
ਤੇ ਯਾਰ ਮਨ 'ਚ ਵਸਾਉਣਾ ਪੈਂਦੈ
ਯਾਰ ਨੂੰ ਪਾ ਕੇ ਰੱਖੂੰ ਕਿੱਥੇ ?
ਪਹਿਲੇ ਦਿਲ ਮੇਰਾ ਤੇ ਵੱਸ ਲੈਣ ਦੇ
ਅੱਜ ਕੁਦਰਤ ਨਾਲ ਗੱਲਾਂ ਕਰ ਲੈਣ ਦੇ..

ਕਹਿੰਦੇ ਸਭ ਨੂੰ ਵਰਾਉਣਾ ਪੈਂਦੈ
ਪਰ ਅੰਦਰੋ-ਅੰਦਰ ਰੋਣਾ ਪੈਂਦੈ
ਅੱਖਾਂ ਗਿੱਲੀਅਾਂ ਨੇ ਕੀ ਕਰਨਾ
ਦਿਲ ਦੇ ਹੰਝੂ ਤਾਂ ਵਰ ਲੈਣ ਦੇ
ਅੱਜ ਕੁਦਰਤ ਨਾਲ ਗੱਲਾਂ ਕਰ ਲੈਣ ਦੇ..

ਸੁਣਿਐ ਡਾਢਾ ਦੁੱਖ ਜਰਨਾ ਪੈਂਦੈ
ਏਥੇ ਜੀਣ ਦੇ ਲਈ ਮਰਨਾ ਪੈਂਦੈ
ਸਿਰਫ਼ ਮਰਨੇ ਦਾ ਕੀ ਫ਼ਾਇਦਾ
ਥੋੜੇ ਦੁੱਖ ਤਾਂ ਜਰ ਲੈਣ ਦੇ
ਅੱਜ ਕੁਦਰਤ ਨਾਲ ਗੱਲਾਂ ਕਰ ਲੈਣ ਦੇ..

ਸੁਣਿਐ ਇੱਕ-ਮਿੱਕ ਹੋਣਾ ਪੈਂਦੈ
ਸਭ ਮੇਰ-ਤੇਰ ਭੁਲਾਉਣਾ ਪੈਂਦੈ
ਹਾਲੇ ਕਿਰਨ ਤੋਂ ਇਹ ਨਹੀਂ ਹੋਣਾ
ਪਹਿਲੇ ਤੇਰਾ-ਤੇਰਾ ਕਰ ਲੈਣ ਦੇ
ਅੱਜ ਕੁਦਰਤ ਨਾਲ ਗੱਲਾਂ ਕਰ ਲੈਣ ਦੇ
ਅੱਜ ਜੀ' ਕੇ ਥੋੜਾ ਮਰ ਲੈਣ ਦੇ

Monday, December 8, 2014

ਵਾਅਦਾ ਕਰਕੇ ਮਿਲਣ ਨਾ ਆਇਓਂ

ਵਾਅਦਾ ਕਰਕੇ ਮਿਲਣ ਨਾ ਆਇਓਂ
ਹੋ ਸਕਦੈ ਅਜੇ ਦਿਲ 'ਚ ਦੂਰੀ ਹੋਵੇਗੀ
ਜਾਂ ਫਿਰ ਸੱਜਣਾ ਤੇਰੀ ਕੋਈ ਮਜਬੂਰੀ ਹੋਵੇਗੀ

ਸੁਣਿਐ ਖ਼ੱਤ ਤੈਨੂੰ ਮੇਰਾ ਪਹੁੰਚ ਗਿਆ ਸੀ
ਪਰ ਹੋ ਸਕਦੈ ਲਿਖੀ ਓਹਦੇ 'ਚ..
ਕੋਈ ਬਾਤ ਅਧੂਰੀ ਹੋਵੇਗੀ

ਕਹਿਨੈਂ ਪਿਆਰ ਹੀ ਸਭ ਕੁਝ ਨਹੀਂ ਹੁੰਦਾ
ਫਿਰ ਕਹਿੜੀ ਸ਼ੈਅ ਜ਼ਿੰਦਗੀ 'ਚ..
ਇਹਦੋਂ ਵੱਧ ਜ਼ਰੂਰੀ ਹੋਵੇਗੀ ?

ਹੌਂਸਲਾ ਰੱਖ ਕੇ ਜੀਅ ਲੈਨੇ ਆਂ
ਕਿ ਤੈਨੂੰ ਮਿਲਣੇ ਦੀ ਇਹ ਰੀਝ..
ਕਦੇ ਤਾਂ ਪੂਰੀ ਹੋਵੇਗੀ..

ਵਾਅਦਾ ਕਰਕੇ ਮਿਲਣ ਨਾ ਆਇਓਂ..
ਜ਼ਰੂਰ ਤੇਰੀ ਕੋਈ ਮਜਬੂਰੀ ਹੋਵੇਗੀ..

Tuesday, December 2, 2014

ਮੇਰੇ ਹਰ ਸਾਹ ਵਿੱਚ ਤੂੰ ਹੋਵੇਂ

ਮੇਰੇ ਹਰ ਸਾਹ ਵਿੱਚ ਤੂੰ ਹੋਵੇਂ
ਹਰ ਫ਼ਰਿਯਾਦ ਵਿੱਚ ਤੂੰ ਹੋਵੇਂ
ਜਿੱਥੇ ਖੁਸ਼ੀਆਂ ਦੀ ਗੱਲ ਹੋਵੇ
ਹਰ ਜਜ਼ਬਾਤ ਵਿੱਚ ਤੂੰ ਹੋਵੇਂ

ਤੇਰੇ ਕੋਲ ਨਿੱਤ ਕੁਦਰਤ ਗਾਵੇ
ਖੁਸ਼ੀਆਂ ਦੇ ਤੈਨੂੰ ਗੀਤ ਸੁਨਾਵੇ
ਦੁੱਖ ਤੇਰੇ ਘਰ ਦਾ ਰਸਤਾ ਭੁੱਲ
ਆ ਕੇ ਦਰ ਮੇਰਾ ਖੜਕਾਵੇ

ਤੈਨੂੰ ਕੁੱਲ ਦੁਨੀਆ ਦਾ ਸਤਿਕਾਰ ਮਿਲੇ
ਤੇਰੀ ਜ਼ਿੰਦਗੀ ਦਾ ਤੈਨੂੰ ਪਿਆਰ ਮਿਲੇ
ਜੇ ਗੱਲ ਇਸ਼ਕ-ਹਕੀਕੀ ਦੀ ਚੱਲੇ
ਤੈਨੂੰ ਨਾਲ ਖਲੋਤਾ ਯਾਰ ਮਿਲੇ

ਕਾਇਨਾਤ ਤੇਰੇ ਨਾਂ ਦੇ ਗੀਤ ਸੁਨਾਵੇ
ਸੁੱਖਾਂ ਦੀ ਸਰਗਮ ਤੇਰੇ ਵੇਹੜੇ ਆਵੇ
ਕਿਰਨ ਦੀ ਦਿਲੀ ਤਮੰਨਾ ਏ
ਮੇਰੀ ਉਮਰ ਵੀ ਤੈਨੂੰ ਲੱਗ ਜਾਵੇ